ਜਦੋਂ ਤੱਕ ਪੰਜਾਬ ਦੀ ਕਾਨੂੰਨ ਵਿਵਸਥਾ ਠੀਕ ਨਹੀਂ ਹੁੰਦੀ ਉਦੋਂ ਤੱਕ ਨਹੀਂ ਆਵੇਗਾ ਨਿਵੇਸ਼: ਵਿਜੇ ਰੁਪਾਨੀ

 

ਜਲੰਧਰ, 2 ਮਈ (ਨਵਪ੍ਰੀਆ): ਭਾਜਪਾ ਪੰਜਾਬ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਕਿਹਾ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੀ ਲੜਾਈ ਕਾਂਗਰਸ ਜਾਂ ਭਾਜਪਾ ਵਿਚਾਲੇ ਨਹੀਂ, ਸਗੋਂ ਨੀਤੀ ਅਤੇ ਅਨੀਤਿ, ਭ੍ਰਿਸ਼ਟਾਚਾਰ ਅਤੇ ਇਮਾਨਦਾਰੀ ਵਿਚਾਲੇ ਹੈ। ਜੇਕਰ ਜਲੰਧਰ ਦੀ ਇੰਡਸਟਰੀ ਜਲੰਧਰ ਅਤੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਬਦਲਾਅ ਲਿਆਉਣ ਲਈ ਦ੍ਰਿੜ ਹੋ ਜਾਵੇ ਤਾਂ ਕੁਝ ਵੀ ਅਸੰਭਵ ਨਹੀਂ ਹੈ। ਵਿਜੇ ਰੂਪਾਨੀ ਨੇ ਇਹ ਗੱਲਾਂ ਬੀਤੇ ਦਿਨ ਇੱਕ ਨਿੱਜੀ ਹੋਟਲ ਵਿੱਚ ਆਯੋਜਿਤ ਸ਼ਹਿਰ ਦੇ ਉੱਘੇ ਉਦਯੋਗਪਤੀਆਂ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀਆਂ। ਮੀਟਿੰਗ ਵਿੱਚ ਪੁੱਜਣ ’ਤੇ ਸਨਅਤਕਾਰਾਂ ਦੇ ਵਫ਼ਦ ਨੇ ਵਿਜੇ ਰੂਪਾਨੀ, ਕੇਂਦਰੀ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਭਾਜਪਾ ਦੇ ਕੌਮੀ ਸਕੱਤਰ ਤੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੂੰ ਗੁਲਦਸਤੇ ਤੇ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ। ਇਸ ਦੌਰਾਨ ਸਹਿਰ ਦੇ ਉੱਘੇ ਉਦਯੋਗਪਤੀਆਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਭਾਜਪਾ ਆਗੁਆਂ ਜਾਣੁ ਕਰਵਾਇਆ।

ਵਿਜੇ ਰੂਪਾਨੀ ਨੇ ਇਸ ਮੌਕੇ ਆਪਣੇ ਸੰਬੋਧਨ ‘ਚ ਕਿਹਾ ਕਿ ਯੂਪੀਏ ਸਰਕਾਰ 2004 ਤੋਂ 2014 ਤੱਕ ਸੱਤਾ ਵਿੱਚ ਸੀ, ਪਰ ਉਦੋਂ ਹੀ ਵੱਡੇ ਵੱਡੇ ਘੁਟਾਲੇ ਹੋਏ ਸਨ। ਦੇਸ਼ ਵਿੱਚ ਨਿਰਾਸ਼ਾ ਦਾ ਮਾਹੌਲ ਸੀ, ਨੌਜਵਾਨ ਹਤਾਸ਼ ਸਨ। ਅਜਿਹੇ ‘ਚ ਜਦੋਂ 2014 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਦੇਸ਼ ਦਾ ਮਾਹੌਲ ਹੀ ਬਦਲ ਗਿਆ। ਸਬਕਾ ਸਾਥ, ਸਬਕਾ ਵਿਕਾਸ ਦਾ ਨਾਅਰਾ ਦਿੰਦੇ ਹੋਏ ਉਨ੍ਹਾਂ ਨੇ ਲਗਾਤਾਰ ਯੋਜਨਾਵਾਂ ਬਣਾਈਆਂ ਅਤੇ ਲਾਗੂ ਕੀਤੀਆਂ। ਅੱਜ ਭਾਰਤ ਦੁਨੀਆ ਵਿੱਚ ਅਰਥਵਿਵਸਥਾ ਦੇ ਮਾਮਲੇ ਵਿੱਚ ਪੰਜਵੇਂ ਸਥਾਨ ‘ਤੇ ਪੁੱਜ ਗਿਆ ਹੈ ਅਤੇ ਜਲਦੀ ਹੀ ਤੀਜੇ ਸਥਾਨ ‘ਤੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਕਾਨੂੰਨ ਵਿਵਸਥਾ ਠੀਕ ਨਹੀਂ ਹੋਈ ਤਾਂ ਨਿਵੇਸ਼ ਵੀ ਨਹੀਂ ਆਵੇਗਾ। ਉਨ੍ਹਾਂ ਸਨਅਤਕਾਰਾਂ ਨੂੰ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜਿਤਾਉਣ ਲਈ ਪੂਰਨ ਸਹਿਯੋਗ ਦੇਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਭਾਜਪਾ ਉਮੀਦਵਾਰ ਅਟਵਾਲ ਜਿੱਤਦੇ ਹਨ ਤਾਂ ਉਹ ਭਰੋਸਾ ਦਿੰਦੇ ਹਨ ਕਿ ਜਲੰਧਰ ਦੇ ਉਦਯੋਗਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ।

ਸੋਮ ਪ੍ਰਕਾਸ਼ ਨੇ ਇਸ ਮੌਕੇ ਸਨਅਤਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਜੋ ਵੀ ਸਕੀਮਾਂ ਬਣਾਉਂਦੀ ਹੈ, ਉਹ ਉਦਯੋਗਾਂ ਨਾਲ ਮੀਟਿੰਗ ਕਰਕੇ ਹੀ ਤਿਆਰ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਨਅਤ ਦੇ ਬਲ ‘ਤੇ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵਾਲਾ ਦੇਸ਼ ਬਣਿਆ ਹੈ।

ਆਰਪੀ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡਸਟਰੀ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਸੁਪਨਾ ਭਾਰਤ ਨੂੰ 5 ਟ੍ਰਿਲੀਅਨ ਅਰਥਵਿਵਸਥਾ ਵਾਲਾ ਦੇਸ਼ ਬਣਾਉਣਾ ਹੈ। ਜੇਕਰ ਪੰਜਾਬ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣਾ ਹੈ ਤਾਂ ਇੱਥੇ ਸਥਿਰਤਾ ਅਤੇ ਮਜ਼ਬੂਤ ਕਾਨੂੰਨ ਵਿਵਸਥਾ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸਦੇ ਲਈ ਸੂਬੇ ‘ਚ ਭਾਜਪਾ ਦੀ ਸਰਕਾਰ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਨਅਤਕਾਰਾਂ ਨੂੰ ਭਾਜਪਾ ਉਮੀਦਵਾਰ ਅਟਵਾਲ ਦੇ ਹੱਕ ਵਿੱਚ ਵੋਟਾਂ ਪਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸਦੀ ਸ਼ੁਰੂਆਤ ਇਸ ਲੋਕ ਸਭਾ ਜ਼ਿਮਨੀ ਚੋਣ ਤੋਂ ਹੋਣੀ ਚਾਹੀਦੀ ਹੈ।

ਲਘੂ ਉਦਯੋਗ ਭਾਰਤੀ ਦੇ ਜ਼ਿਲ੍ਹਾ ਪ੍ਰਧਾਨ ਵਿਵੇਕ ਰਾਠੌਰ ਨੇ ਕਿਹਾ ਕਿ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਨੌਜਵਾਨਾਂ ਦਾ ਪੜ੍ਹਾਈ ਲਈ ਵਿਦੇਸ਼ ਜਾਣਾ ਹੈ ਅਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਉਦਯੋਗਾਂ ਦੀ ਸਥਾਪਨਾ ਹੋਣ ਕਾਰਨ ਮਜ਼ਦੂਰਾਂ ਦੀ ਘਾਟ ਪੰਜਾਬ ਦੀ ਸਨਅਤ ਲਈ ਸਭ ਤੋਂ ਗੰਭੀਰ ਅਤੇ ਵੱਡੀ ਸਮੱਸਿਆ ਬਣ ਗਈ ਹੈ।

ਉਦਯੋਗਪਤੀ ਮੁਕੁਲ ਵਰਮਾ ਨੇ ਕਿਹਾ ਕਿ ਜੇਕਰ ਸਰਕਾਰ ਸਹਿਯੋਗ ਕਰੇਗੀ ਤਾਂ ਖੇਡ ਉਦਯੋਗ ਵੀ ਵਧੇਗਾ ਅਤੇ ਐਕਸਪੋਰਟ ਵੀ ਵਧੇਗੀ। ਉਦਯੋਗਪਤੀ ਅਸ਼ਵਨੀ ਵਿਕਟਰ ਨੇ ਕਿਹਾ ਕਿ ਆਦਮਪੁਰ ਏਅਰਪੋਰਟ ਤੋਂ ਫਲਾਈਟ ਕਰੀਬ 2 ਸਾਲਾਂ ਤੋਂ ਬੰਦ ਪਈ ਹੈ, ਇਸ ਨੂੰ ਚਾਲੂ ਕੀਤਾ ਜਾਵੇ।

ਵਪਾਰੀ ਆਗੂ ਗੁਰਸ਼ਰਨ ਸਿੰਘ ਨੇ ਕਿਹਾ ਕਿ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ। ਇੰਡਸਟਰੀ ਦੀਆਂ ਸਮੱਸਿਆਵਾਂ ਨੂੰ ਕੋਈ ਹੱਲ ਨਹੀਂ ਕਰ ਰਿਹਾ। ਰਬੜ ਦੀਆਂ ਚੱਪਲਾਂ ਦੇ ਵਪਾਰੀ ਅਸ਼ੋਕ ਮੱਗੂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਰਬੜ ਦੀਆਂ ਚੱਪਲਾਂ ‘ਤੇ ਜੀਐਸਟੀ ਦੀ ਦਰ 5 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤੀ ਹੈ। ਇਸ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ।

ਭਾਜਪਾ ਆਗੂਆਂ ਨੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਕੇਂਦਰ ਸਰਕਾਰ ਨਾਲ ਗੱਲ ਕਰਕੇ ਇਸਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।

Leave a Reply

Your email address will not be published. Required fields are marked *