ਜਲੰਧਰ 30 ਅਪ੍ਰੈਲ (ਨਵਪ੍ਰੀਆ): ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਨੇ ਕੇਂਦਰੀ ਵਿਧਾਨ ਸਭਾ ਹਲਕੇ ਦੇ ਸੂਰਿਆ ਐਨਕਲੇਵ ਵਿਖੇ ਵਾਰਡ ਨੰਬਰ 17 ਦੀ ਕੌਂਸਲਰ ਸ਼ੈਲੀ ਖੰਨਾ, ਵਿਵੇਕ ਖੰਨਾ ਮੰਡਲ ਦੇ ਪ੍ਰਧਾਨ ਸੰਦੀਪ ਕੁਮਾਰ ਸਾਬਕਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਜਤਿੰਦਰ ਮਿੱਤਲ ਅਤੇ ਸੈਕੜੇ ਵਰਕਰਾਂ ਨਾਲ ਬੈਠ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ 100ਵੇਂ ਐਪੀਸੋਡ ਦਾ ਲਾਈਵ ਟੈਲੀਕਾਸਟ ਦੇਖਿਆ ਅਤੇ ਸੁਣਿਆ।
ਅਸ਼ਵਨੀ ਸ਼ਰਮਾ ਨੇ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੇ 100ਵੇਂ ਇਤਿਹਾਸਿਕ ਐਪੀਸੋਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਜਨਤਕ ਮੁੱਦਿਆਂ ਨਾਲ ਜੁੜਿਆ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪ੍ਰੋਗਰਾਮ ਰਾਹੀਂ ਜਨਤਾ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕਰਦੇ ਹਨ, ਜੋ ਕਿ ਅੱਜ ਤੱਕ ਕਿਸੇ ਪ੍ਰਧਾਨਮੰਤਰੀ ਨੇ ਨਹੀਂ ਕੀਤਾ ਹੈ। ਜਨਤਾ ਨਾਲ ਸਿੱਧਾ ਜੁੜਨ ਲਈ ਇਹ ਬਹੁਤ ਵਧੀਆ ਪਲੇਟਫਾਰਮ ਹੈ। ਇਸ ਪ੍ਰੋਗਰਾਮ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਅੰਗ ਦਾਨ ਕਰਨ ਅਤੇ ਨਾਰੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ ਹੈ। ‘ਮਨ ਕੀ ਬਾਤ’ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਜ਼ਾਰਾਂ ਲੋਕਾਂ ਨਾਲ ਗੱਲਬਾਤ ਕੀਤੀ ਜੋ ਦੂਜਿਆਂ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਅਜਿਹੇ ਹਜ਼ਾਰਾਂ ਲੋਕਾਂ ਨਾਲ ਚਰਚਾ ਕੀਤੀ ਹੈ, ਜੋ ਦੂਜਿਆਂ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰਦੇ ਹਨ ਅਤੇ ਆਪਣਾ ਸਭ ਕੁਝ ਦਾਨ ਕਰਦੇ ਹਨ। ਅਜਿਹੇ ਲੋਕ ਸਾਡੇ ਸਮਾਜ ਲਈ ਪ੍ਰੇਰਨਾ ਸਰੋਤ ਹਨ। ਅੱਜ ਦੇਸ਼ ਦੇ ਕਈ ਰਾਜਾਂ ਦੇ ਕਿਸਾਨਾਂ ਨੇ ‘ਮਨ ਕੀ ਬਾਤ’ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਰਵਾਇਤੀ ਖੇਤੀ ਤੋਂ ਕੁਝ ਵੱਖਰਾ ਕਰਨ ਦੀ ਸੋਚੀ ਅਤੇ ਅੱਜ ਉਹ ਚੰਗਾ ਮੁਨਾਫਾ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ 2024 ‘ਚ ਭਾਜਪਾ ਮੁੜ ਕੇਂਦਰ ‘ਚ ਸਰਕਾਰ ਬਣਾਏਗੀ ਅਤੇ ਭਾਰਤ ਨੂੰ ਵਿਸ਼ਵ ਗੁਰੂ ਅਤੇ ਵਿਸ਼ਵ ਸ਼ਕਤੀ ਬਣਾਉਣ ਦੇ ਸੁਪਨੇ ਨੂੰ ਪੂਰਾ ਕਰੇਗੀ |