Jalandhar (22 ਅਪ੍ਰੈਲ) : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤੀ ਦਿੰਦੇ ਹੋਏ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਪੰਜਾਬ, ਜਲੰਧਰ ਨੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਵਾਲਮੀਕਿ ਆਗੂਆਂ ਨੇ ਇਹ ਐਲਾਨ ਸ਼ਹਿਰ ਦੀ ਰੇਲਵੇ ਕਲੋਨੀ ਵਿਖੇ ਕਰਮਜੀਤ ਚੌਧਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੀਤਾ, ਜਿੱਥੇ ਉਨ੍ਹਾਂ ਨੇ ਕਰਮਜੀਤ ਚੌਧਰੀ ਦੀ ਉਮੀਦਵਾਰੀ ਲਈ ਆਪਣੇ ਭਾਈਚਾਰੇ ਵੱਲੋਂ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ।
ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਗਿੱਲ ਅਤੇ ਰਾਜ ਕੁਮਾਰ ਰਾਜੂ ਸਮੇਤ ਵਾਲਮੀਕਿ ਸਮਾਜ ਦੇ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਚੌਧਰੀ ਪਰਿਵਾਰ ਨੇ ਹਮੇਸ਼ਾ ਵਾਲਮੀਕਿ ਸਮਾਜ ਦੇ ਹੱਕਾਂ ਲਈ ਲੜਾਈ ਲੜੀ ਹੈ ਅਤੇ ਉਨ੍ਹਾਂ ਦੀ ਤਰੱਕੀ ਲਈ ਕੰਮ ਕੀਤਾ ਹੈ। ਉਹਨਾਂ ਆਖਿਆ, “ਭਾਰਤ ਦੀ ਆਜ਼ਾਦੀ ਤੋਂ ਲੈ ਕੇ ਕਾਂਗਰਸ ਪਾਰਟੀ ਨੇ ਸਾਡੇ ਵਾਸਤੇ ਮਾਣ ਸਨਮਾਨ ਦੀ ਜ਼ਿੰਦਗੀ ਨੂੰ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ, ਅਤੇ ਇਹ ਸਵਰਗ ਵਾਸੀ ਚੌਧਰੀ ਸੰਤੋਖ ਸਿੰਘ ਵਰਗੇ ਉੱਤਮ ਨੇਤਾਵਾਂ ਦੀ ਬਦੌਲਤ ਹੀ ਹੈ ਕਿ ਗਰੀਬ ਅਤੇ ਸਮਾਜਿਕ ਹਾਸ਼ੀਏ ‘ਤੇ ਬੈਠੇ ਲੋਕਾਂ ਨੂੰ ਅੱਗੇ ਵਧਣ ਦੇ ਮੌਕੇ ਮਿਲੇ ਹਨ। ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਕਰਨ ਲਈ ਅਤੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰਨ ਲਈ ਅਸੀਂ ਜ਼ਿਮਨੀ ਚੋਣ ਵਿੱਚ ਖੁੱਲ੍ਹ ਕੇ ਕਰਮਜੀਤ ਕੌਰ ਚੌਧਰੀ ਜੀ ਦਾ ਸਮਰਥਨ ਕਰ ਰਹੇ ਹਾਂ।”
ਇਸ ਮੌਕੇ ਕਰਮਜੀਤ ਕੌਰ ਚੌਧਰੀ ਨੇ ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਸਮਾਜ ਦੀ ਬਿਹਤਰੀ ਲਈ ਅਣਥੱਕ ਮਿਹਨਤ ਕਰਦੇ ਰਹਿਣ ਦਾ ਪ੍ਰਣ ਕੀਤਾ। ਉਹਨਾਂ ਨੇ ਵਾਲਮੀਕਿ ਸਮਾਜ ਨੂੰ ਦਰਪੇਸ਼ ਮੁੱਦਿਆਂ ਨੂੰ ਹੱਲ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਆਗੂਆਂ ਨੂੰ ਆਪਣੇ ਪੂਰਨ ਸਮਰਥਨ ਦਾ ਭਰੋਸਾ ਦਿੱਤਾ।
ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਵੱਲੋਂ ਕਰਮਜੀਤ ਕੌਰ ਚੌਧਰੀ ਨੂੰ ਦਿੱਤਾ ਗਿਆ ਖੁੱਲ੍ਹਾ ਸਮਰਥਨ ਕਾਂਗਰਸ ਪਾਰਟੀ ਨੂੰ ਜ਼ਿਮਨੀ ਚੋਣ ‘ਚ ਹੋਰ ਮਜ਼ਬੂਤ ਕਰੇਗਾ, ਕਿਉਂਕਿ ਕਮੇਟੀ ਦਾ ਵਾਲਮੀਕਿ ਭਾਈਚਾਰੇ ਵਿੱਚ ਕਾਫੀ ਪ੍ਰਭਾਵ ਹੈ। ਵਾਲਮੀਕਿ ਭਾਈਚਾਰੇ ਦੇ ਸਮਰਥਨ ਨਾਲ ਜ਼ਿਮਨੀ ਚੋਣ ਵਿੱਚ ਕਾਂਗਰਸ ਨੂੰ ਵੱਡਾ ਹੁਲਾਰਾ ਮਿਲਿਆ ਹੈ। ਜਲੰਧਰ ਦੀ ਜ਼ਿਮਨੀ ਚੋਣ ਅਹਿਮ ਹੈ ਅਤੇ ਉਹਨਾਂ ਦਾ ਸਮਰਥਨ ਗੇਮ ਚੇਂਜਰ ਸਾਬਤ ਹੋ ਸਕਦਾ ਹੈ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਰੇਲਵੇ ਕਲੋਨੀ ਦੇ ਜਨਰਲ ਸਕੱਤਰ ਤਰਸੇਮ ਸੈਣੀ, ਪੰਕਜ ਸਹੋਤਾ, ਸ੍ਰੀਕਾਂਤ, ਨਿੱਕੂ ਹੰਸ, ਧਰਮਪਾਲ ਸਹੋਤਾ, ਸੋਨੂੰ ਗਿੱਲ, ਅਸ਼ਵਨੀ ਫਰਵਾਹਾ, ਕਾਲਾ ਰਾਮ ਫਰਵਾਹਾ, ਸੁਨੀਲ ਦੱਤ ਬੌਬੀ, ਸੁਸ਼ੀਲ ਕੁਮਾਰ ਭਾਟੀਆ ਅਤੇ ਭੂਸ਼ਨ ਗਿੱਲ ਹਾਜ਼ਰ ਸਨ।